Monday, February 25, 2013

ਮਾਫ ਕਰੋ ਅੰਗਰੇਜ਼ ਤਾਂ ਪਹਿਲਾਂ ਮਸਾਂ ਦਬੱਲੇ ਐ


ਕਵੀਸ਼ਰੀ : ਮਾਫ ਕਰੋ ਅੰਗਰੇਜ਼ ਤਾਂ ਪਹਿਲਾਂ ਮਸਾਂ ਦਬੱਲੇ ਐ....

ਦੋਹਿਰਾ : ਭੇਡਚਾਲੀਏ ਨਕਲੀਏ, ਚਾਪਲੂਸ ਜੋ ਲੋਕ
ਕਰਨ ਤਰੱਕੀ ਕਦੇ ਨਾ, ਲੋਕ ਜੋ ਟੁੱਕੜਬੋਚ

ਕਿਰਕਟ ਜਦੋਂ ਦੇਸ ਵਿਚ ਵੜ੍ਹਗੀ, ਹਾਕੀ ਲੁਕਦੀ ਫਿਰਦੀ ਡਰਦੀ
ਕੌਡੀ ਖੂੰਜੇ ਲਗ ਕੇ ਬਹਿਗੀ ਤੇ ਫੁੱਟਬਾਲ ਵੀ ਲੀਹੋਂ ਲਹਿਗੀ, ਆ ਗਏ ਚਿੱਟੇ ਬੁਗਲੇ ਬਈ
ਖੇਡ ਖੇਡਦੇ ਬਾਬੂ ਪਾ ਪੈਂਟਾਂ ਤੇ ਝੁਗਲੇ ਬਈ...
ਚੜ੍ਹ ਕੇ ਅੰਗਰੇਜ਼ਾਂ ਦੇ ਧੱਕੇ, ਸਿਖ ਲੇ ਲਾਉਣੇ ਚੌਂਕੇ ਛੱਕੇ
ਵਿੱਚੀ ਕਰਕੇ ਘਾਲਾ ਮਾਲਾ, ਕਹਿੰਦੇ ਹੋ ਗਿਆ ਵਿਚ ਵਿਚਾਲਾ, ਪੈਂਟਾਂ ਝਾੜ ਕੇ ਚੱਲੇ ਐ...
ਮਾਫ ਕਰੋ ਅੰਗਰੇਜ਼ ਤਾਂ ਪਹਿਲਾਂ ਮਸਾਂ ਦਬੱਲੇ ਐ....

ਦੱਸੋ ਸ਼ਰਮ ਰਹੀ ਹੈ ਕਿੱਥੇ, ਮੁੰਡੇ ਫਿਰਦੇ ਕੁੜੀਆਂ ਪਿੱਛੇ
ਪਹਿਲਾਂ ਜਾ ਕੇ ਘਰੋਂ ਲਿਆਉਂਦੇ, ਮਗਰੋਂ ਘਰ ਤੱਕ ਛੱਡ ਕੇ ਆਉਂਦੇ, ਪੈਦਲ ਧਰਤੀ ਮਿਣਦੇ ਐ
ਬੇਰ ਖਾਂਦੀਆਂ ਕੁੜੀਆਂ, ਆਸ਼ਕ ਗਿਟਕਾਂ ਗਿਣਦੇ ਐ...
ਕੁੜੀਆਂ ਸੁੰਦਰਤਾ ਦੇ ਨਾਂ ਤੇ, ਤਨ ਤੋਂ ਸਾਰੇ ਕੱਪੜੇ ਲਾਹ ਤੇ
ਪਾ ਲਈ ਡੇਢ ਇੰਚ ਦੀ ਚੋਲੀ, ਮੁੰਡੇ ਕਹਿਣ ਬਤਾਓ ਗੋਰੀ, ਕੀ ਚੋਲੀ ਦੇ ਥੱਲੇ ਐ
ਮਾਫ ਕਰੋ ਅੰਗਰੇਜ਼ ਤਾਂ ਪਹਿਲਾਂ ਮਸਾਂ ਦਬੱਲੇ ਐ....

ਬੋਲੀ ਹੈ ਅੰਗਰੇਜ਼ੀ ਪੁੱਠੀ, ਆਪਣੇ ਜਣਦਿਆਂ ਤੋਂ ਵੀ ਲੁੱਚੀ
ਆਈ ਘਰ ਵਿਚ ਮੰਗਣ ਪਾਣੀ, ਬਣ ਕੇ ਬੈਠ ਗਈ ਪਟਰਾਣੀ, ਪਾ ਤਾ ਖੜ੍ਹਦੂ ਵੈਲਣ ਨੇ
ਲਾਤਾ ਮਾਂ ਬੋਲੀ ਨੂੰ ਖੂੰਜੇ ਇਹ ਵੱਡੀ ਮੁਹਰੈਲਣ ਨੇ...
ਧੱਕੇ ਨਾਲ ਪੜ੍ਹਾਈ ਜਾਂਦੇ, ਫੜ੍ਹ ਫੜ੍ਹ ਕੇ ਲਟਕਾਈਂ ਜਾਂਦੇ
ਪੰਜ ਪੰਜ ਸਾਲ ਤੁੜਾਉਂਦੇ ਛਿਤਰੇ, ਫਿਰ ਵੀ ਰੀਪੀਅਰ ਨਾ ਨਿਕਲੇ, ਛੱਡ ਵਿਚਾਲਿਓਂ ਚੱਲੇ ਐ..
ਮਾਫ ਕਰੋ ਅੰਗਰੇਜ਼ ਤਾਂ ਪਹਿਲਾਂ ਮਸਾਂ ਦਬੱਲੇ ਐ....

ਤੜਕੇ ਉੱਠਣ ਸਾਰ ਹੀ ਡੈਡੀ, ਹੁੰਦੇ ਪੀ ਅੰਗਰੇਜ਼ੀ ਰੈਡੀ
ਬਣ ਗੀਆਂ ਕਿਰਲੇ ਵਰਗੀਆਂ ਸ਼ਕਲਾਂ, ਆਈਆਂ ਚਾਹ ਪੀਣੀਆਂ ਨਸਲਾਂ, ਕਿੱਥੋਂ ਘੋਲ ਦਿਖਾਉਣਗੀਆਂ
ਦੁੱਧ ਲੈ ਗਏ ਦੋਧੀ, ਲੱਸੀਆਂ ਕਿੱਥੋਂ ਆਉਣਗੀਆਂ...
ਬੇਬੇ ਜਦ ਤੋਂ ਬਣ ਗਈ ਮੰਮੀ, ਬਿਲਕੁਲ ਕੰਮੋਂ ਗਈ ਨਿਕੰਮੀ
ਨਿਆਣਾ ਹਸਪਤਾਲ ‘ਚ ਜੰਮੇ, ਸਾਰਾ ਟੱਬਰ ਥਰ ਥਰ ਕੰਮੇ, ਝਾਕਣ ਉੱਤੇ ਥੱਲੇ ਐ
ਮਾਫ ਕਰੋ ਅੰਗਰੇਜ਼ ਤਾਂ ਪਹਿਲਾਂ ਮਸਾਂ ਦਬੱਲੇ ਐ....

ਕਿਹੜੇ ਲੀਡਰ ਖੱਬੂ ਸੱਜੂ, ਸਾਰੇ ਇਕ ਥਾਲੀ ਦੇ ਲੱਡੂ
ਇਹ ਅੱਗ ਲਗਾਉਣੇ ਡੱਬੂ, ਟੀਂਕਣ ਜਿਉਂ ਬਰਸਾਤੀ ਡੱਡੂ, ਟਿਕਣ ਨਾ ਵਿਚ ਪਸੇਰੀ ਦੇ
ਇਹ ਅੰਗਰੇਜ਼ੀ ਕੜਛੇ ਮਾਹਰ ਹੇਰਾਫੇਰੀ ਦੇ...

ਪਾੜ ਕੇ ਰਾਜ ਕਰਨ ਦੀ ਨੀਤੀ, ਇਹਨਾਂ ਪੂਰੀ ਸੱਚ ਹੈ ਕੀਤੀ
ਇਹ ਤਾਂ ਜੜੋਂ ਮੁਕਾਉਂਦੇ ਟੰਟਾ, ਕਹਿੰਦੇ ਖੁਹ ਵਿਚ ਜਾਵੇ ਜਨਤਾ, ਲੀਡਰ ਦਿੱਲੀ ਚੱਲੇ ਐ
ਮਾਫ ਕਰੋ ਅੰਗਰੇਜ਼ ਤਾਂ ਪਹਿਲਾਂ ਮਸਾਂ ਦਬੱਲੇ ਐ....

                                                                                                ਕੁਲਦੀਪ ਸਿੰਘ ਦੀਪ (ਡਾ.)

No comments:

Post a Comment