Wednesday, April 29, 2009

ਦਰਦ......


ਦਰਦ ਦਾਦ ਬਣਦੇ ਨੇ 
ਦਿਲ ਦੀ ਆਵਾਜ਼ ਬਣਦੇ ਨੇ
ਕਦੇ  ਇਹ ਨਗਮਾ ਬਣਦੇ ਨੇ
ਕਦੇ  ਇਹ ਸਾਜ਼ ਬਣਦੇ ਨੇ
ਕਦੇ  ਦਰਿਆਵਾਂ ਪਤਾਲਾਂ ਤੋਂ
ਡੂੰਘਾ  ਇਹ ਰਾਜ਼ ਬਣਦੇ ਨੇ
ਕਦੇ  ਮਨ 'ਚ ਆਏ ਤਾਂ ਦੋਸਤ ਵੀ ਬਣਨ
ਪਰ  ਅਕਸਰ ਦੁਸ਼ਮਣ ਇਹ ਨਾਮੁਰਾਦ ਬਣਦੇ ਨੇ
ਇਹ  ਡੰਗ ਮਾਰਨ ਕਿੰਨੇ ਵੀ
ਮਿੱਠੀ  ਜਿਹੀ ਯਾਦ ਬਣਦੇ ਨੇ

Wednesday, April 15, 2009

ਵਿਸਾਖੀ ਫੇਰ ਪਰਤੇਗੀ........


ਚੇਤੇ ਆਉਂਦੀ ਹੈ
ਵਿਸਾਖੀ...
ਜਦ
ਤੂੜੀ ਤਂਦ ਸਾਂਭਦਾ ਜੱਟ
ਲਲਕਾਰੇ ਮਾਰਦਾ ਜੱਟ
ਢੋਲ ਤੇ ਡੱਗਾ ਲਾਉਂਦਾ
ਭੰਗੜੇ ਤੇ ਚਾਂਭੜਾਂ ਪਾਉਂਦਾ
ਸੰਮ੍ਹਾਂ ਵਾਲੀ ਡਾਂਗ ਨਾਲ ਧਰਤੀ ਹਿਲਾਉਂਦਾ
ਤੇ ਨੱਚ-ਟੱਪ ਕੇ ਧਮੱਚੀਆਂ ਮਚਾਉਂਦਾ
ਮੇਲੇ ਆਉਂਦਾ ਸੀ
ਖਰੂਦ ਪਾਉਂਦਾ ਸੀ
ਤੇ ਫਿਰ
ਮੇਲੇ ਵਿਚ ਸਚਮੁਚ 'ਮੇਲਾ' ਹੁੰਦਾ ਸੀ
ਆਪਣੀਆਂ ਜੂਹਾਂ 'ਚੋਂ
ਵਿਛੱੜੀਆਂ ਰੂਹਾਂ ਦਾ
ਤਾਂਘਦੀਆਂ ਆਤਮਾਵਾਂ ਦਾ
ਮਚਦੇ ਚਾਵਾਂ ਦਾ
ਚਹਿਕਦੇ ਅਰਮਾਨਾਂ ਦਾ
ਸੋਹਣੇ ਤੇ ਛੈਲ ਜੁਆਨਾਂ ਦਾ
ਚੁੰਘੀਆਂ ਭਰਦੀਆਂ ਮੁਟਿਆਰਾਂ ਦਾ
ਸਾਣ ਤੇ ਲਗੀਆਂ ਕਟਾਰਾਂ ਦਾ
ਦਗਦੇ ਹੁਸਨਾਂ ਦਾ ਤੇ
ਪਾਕ ਇਸ਼ਕਾਂ ਦਾ
ਤੇ ਇੰਝ ਮੇਲਾ ਸਹਿਜੇ ਹੀ ਬਹੁਤ ਕੁੱਝ 'ਮੇਲ' ਦਿੰਦਾ ਸੀ......
ਮੇਲੀਆਂ ਦੇ ਮੇਲੇ ਵਿਚ ਮੇਲਣ ਦਾ ਇਹ ਸਿਲਸਿਲਾ
ਚਲਦਾ ਰਿਹਾ ਬਹੁਤ ਦੇਰ......

ਫੇਰ ਚਿਰ ਹੋਇਆ
ਥੱਕਣ ਲਗਿਆ ਮੇਲਾ
ਟੁੱਟਣ ਲਗਿਆ ਮੇਲਾ
ਪਤਾ ਨਹੀਂ ਕਦੋਂ
ਰੰਗ ਵਿਚ ਭੰਗ ਪੈ ਗਈ
ਤੇ ਹਰ ਰੰਗ
ਬਦਰੰਗ ਹੋ ਗਿਆ
ਜ਼ਾਬਰਾਂ ਹੱਥੋਂ.......
ਮੇਲੀ ਸਾਹ-ਸੱਤ ਹੀਨ ਹੋ ਗਏ
ਨੰਗੀਆਂ ਕਰਦਾਂ ਤੋਂ ਡਰਨ ਲੱਗੇ
ਜਿਉਂਦੇ ਹੀ ਮਰਨ ਲੱਗੇ
ਚਿੜੀਆਂ ਜਿਉਂ ਚੀਂ-ਚੀਂ ਕਰਦੇ
ਬਾਜਾਂ ਮੂਹਰੇ ਰੀਂ-ਰੀਂ ਕਰਦੇ
ਮਰਦਾਂ ਤੋਂ ਮੁਰਦੇ ਬਣ
ਕਬਰਾਂ ਦੀ ਚੁੱਪ ਜਿਉਂ
ਸਿਆਲਾਂ ਦੀ ਧੁੱਪ ਜਿਉਂ
ਖਾਮੋਸ਼ ਹੋ ਗਏ
ਵੀਰਾਨੀ ਪਸਰ ਗਈ ਸਾਰੇ ਪਾਸੇ
ਛੈਲਾਂ ਦੇ ਚਿਹਰਿਆਂ ਤੋਂ
ਸਾਰੇ ਰੰਗ ਉੱਡ ਗਏ
ਇੱਕੋ ਰੰਗ ਰਹਿ ਗਿਆ
ਪੀਲਾ
ਨਿਰੋਲ ਪੀਲਾ
ਪੀਲਾ-ਭੂਕ.......

ਬਹੁਤ ਦੇਰ ਇੰਝ ਹੀ ਚਲਦਾ ਰਿਹਾ
ਤੇ ਫੇਰ ਇੱਕ ਦਿਨ ਮੇਲੇ ਵਿਚ
ਸੁਰਖ ਰੰਗ ਭਰੇ ਗਏ
ਕਿਸੇ ਮਰਜੀਵੜੇ ਨੇ
ਰਣ-ਤੱਤੇ ਵਿਚ
ਗੁਰੂ ਤੋਂ ਚੇਲਾ
ਤੇ ਚੇਲੇ ਤੋਂ ਗੁਰੂ ਤੀਕ ਸਫ਼ਰ ਕੀਤਾ
ਤੇ ਸੁੰਘੜਦੇ ਜਜ਼ਬਿਆਂ ਨੂੰ ਪਰਵਾਜ਼ ਦਿੱਤੀ
ਦਿਮਾਗਾਂ ਨੂੰ ਹੋਸ਼
ਹੋਸ਼ਾਂ ਨੂੰ ਜੋਸ਼
ਮਨਾਂ ਨੂੰ ਜਜ਼ਬੇ
ਤੇ ਜਮੀਰਾਂ ਨੂੰ ਅਣਖ ਦਿੱਤੀ
ਤੇ ਮੇਲਾ ਕੱਖ ਤੋਂ ਫੇਰ ਲੱਖ ਦਾ ਹੋ ਗਿਆ
ਵਿਸਾਖੀ ਦਾ ਰੰਗ
ਗੂੜ੍ਹਾ ਹੋ ਗਿਆ
ਹੋਰ ਸ਼ੋਖ਼
ਹੋਰ ਸੁਰਖ਼.....

ਕੁੱਝ ਦੇਰ ਬਾਅਦ
ਫੇਰ ਇਹ ਲਾਲੀ ਕਾਲਖ ਫੜ੍ਹਨ ਲੱਗੀ
ਗੋਰਿਆਂ ਦੇ ਕਾਲੇ ਚਿਹਰਿਆਂ ਨਾਲ
ਖਿੱਲਾਂ ਜਿਉਂ ਰੂਹਾਂ ਭੁੰਨੀਆਂ
ਚਾਰੇ ਪਾਸੇ ਚਿੱਟੀਆਂ ਚੁੰਨੀਆਂ
ਨਿਰਾਸ਼ੀ ਰੱਖੜੀ
ਸੁੰਨੇ ਗੁੱਟ
ਉਦਾਸ ਸਿੰਧੂਰ
ਉਜੜੀ ਕੁੱਖ
ਵਿਧਵਾ ਲੋਰੀ
ਲੰਗੜੀ ਡੰਗੋਰੀ
ਨਾ ਕੋਈ ਆਸ
ਰਾਖ ਹੀ ਰਾਖ
ਤੇ ਰਾਤ ਹੀ ਰਾਤ
ਫਿਰ ਇਸ ਕਾਲੀ ਹਨੇਰੀ ਰਾਤ ਵਿੱਚੋਂ
ਸੜ ਚੁੱਕੇ ਕੁਕੂਨਸ ਦੀ ਰਾਖ ਵਿਚੋਂ
ਪੈਦਾ ਹੋਈ ਜਮੀਰਾਂ ਦੀ ਭਰਪੂਰ ਫਸਲ
ਕੋਈ ਊਧਮ, ਕੋਈ ਭਗਤ
ਕੋਈ ਸਰਾਭਾ ਤੇ ਕੋਈ ਗਦਰੀ ਬਾਬਾ
ਕੋਈ ਰਾਜਗੁਰੂ, ਸੁਖਦੇਵ ਤੇ ਦੱਤ
ਹਰ ਇੱਕ ਜਾਗਦੀ ਅੱਖ
ਅਣਖਾਂ ਦਾ ਮੇਲਾ
ਸ਼ਹਾਦਤਾਂ ਦੀ ਫਸਲ
ਝੂੰਮਦੇ ਮੇਲੀ
ਆਪਣੇ ਅੰਦਰਲੀ ਅੱਗ ਸੰਭਾਲ ਕੇ
ਆਪਣੇ ਸਿਰਾਂ ਦੀ ਪੱਗ ਸੰਭਾਲ ਕੇ
ਮੇਲੇ ਦੇ ਜ਼ਸ਼ਨਾਂ ਵਿਚ ਫਾਵੇ ਹੋਏ
ਕਣਕ ਦੀ ਰਾਖੀ ਲਈ
ਤੇ ਅਣਖ ਦੀ ਰਾਖੀ ਲਈ
ਜੁਟ ਪਏ ਯੋਧੇ
ਦਾਣੇ-ਦਾਣੇ ਦਾ ਕਰ ਲਿਆ ਹਿਸਾਬ
ਸਹਿਮੇ ਜਲਾਦ
ਵੱਜੀਆਂ ਸ਼ਹਿਨਾਈਆਂ
ਗੂੰਜੀ ਰਬਾਬ
ਤੇ ਵਿਸਾਖੀ ਆਪਣੇ ਰੰਗ 'ਚ ਆ ਗਈ......

ਫੇਰ ਫਿਜ਼ਾ ਬਦਲੀ
ਸਿਰ ਦਸਤਾਰਾਂ ਦੇ
ਤੇ ਤਲਵਾਰਾਂ ਮਿਆਨਾਂ ਦੀਆਂ
ਗੁਲਾਮ ਹੋ ਗਈਆਂ
ਚਿੰਤਨ ਚਿੰਤਾ ਵਿਚ ਬਦਲਦਾ ਹੋਇਆ
ਚਿਤਾ ਤੱਕ ਪਹੁੰਚ ਗਿਆ
ਤੇ ਸੁਰਖ ਰੰਗ ਮੱਧਮ ਹੁੰਦਾ ਗਿਆ....
ਚਾਵਾਂ ਨੂੰ ਫੇਰ ਸਲੀਬਾਂ ਨਸੀਬ ਹੋਈਆਂ
ਬੀਜਾਂ ਨੂੰ ਬੰਜਰ ਭੋਂਇ
ਤੇ ਸੰਘੀਆਂ ਨੂੰ ਅੰਗੂਠੇ......
ਜ਼ੋਰਾਵਰਾਂ ਦੀ ਹਿਰਸ
ਹਾਸਿਆਂ ਤੇ ਹਸਰਤਾਂ ਨੂੰ ਡਕਾਰ ਗਈ
ਹੰਝੂਆਂ ਦੇ ਹਾਰ ਤੇ ਹੌਂਕਿਆਂ ਦੀ ਹੂਕ
ਹੋਰ ਭਰਵੀਂ ਹੁੰਦੀ ਗਈ
ਦਿਨ-ਬ-ਦਿਨ.......

ਅੱਜ
ਵਿਸਾਖੀ ਤਾਂ ਭਾਵੇਂ ਆ ਰਹੀ ਹੈ
ਪਰ
ਮੇਲੇ ਖਤਮ ਹੋ ਰਹੇ ਹਨ
ਧਮਾਲਾਂ ਦਮ ਤੋੜ ਰਹੀਆਂ ਹਨ
ਚਾਂਭੜਾਂ ਸਿਸਕ ਰਹੀਆਂ ਹਨ
ਲਲਕਾਰੇ ਖ਼ਾਮੋਸ਼ ਹੋ ਰਹੇ ਹਨ
ਧਰਤੀਆਂ ਬੰਜਰ......
ਤੇ ਤੂੜੀ ਤੰਦ ਸਾਂਭਦਾ ਜੱਟ
ਤੂੜੀ ਵਾਲੇ ਕੋਠੇ ਵਿਚ ਹੀ ਅਓਧ ਵਿਹਾ ਜਾਂਦਾ ਹੈ
ਤੇ ਵਿਸਾਖੀ ਗ੍ਰਹਿਣੀ ਜਾਂਦੀ ਹੈ.......

ਪਰ ਨਹੀਂ
ਜੇ ਉਹ ਸਿਲਸਿਲਾ ਨਹੀਂ ਰਿਹਾ
ਤਾਂ ਇਹ ਵੀ ਨਹੀਂ ਰਹੇਗਾ
ਫਿਰ ਹੋਵੇਗੀ ਪੂਰਬ ਗਰਭਵਤੀ
ਪੁੰਗਰੇਗਾ ਬੀਜ
ਆਏਗੀ ਜਵਾਨੀ
ਗਰਮਾਏਗਾ ਲਹੂ
ਫਿਰ ਸੁਪਨਸਾਜ਼ ਉੱਠਣਗੇ
ਫਿਰ ਔਰੰਗੇ ਤੇ ਡਾਇਰ
ਆਪਣੀ ਮੌਤੇ ਮਰਨਗੇ
ਜਮੀਰਾਂ ਅਣਖ ਦੀ ਸਾਣ ਚੜ੍ਹ
ਜੰਗ ਦੇ ਰਾਹ ਤੁਰਨਗੀਆਂ
ਤੇ ਵਿਸਾਖੀ ਫੇਰ ਪਰਤੇਗੀ.......
ਤੇ ਵਿਸਾਖੀ ਫੇਰ ਪਰਤੇਗੀ.......
ਤੇ ਵਿਸਾਖੀ ਫੇਰ ਪਰਤੇਗੀ.......
ਡਾ. ਕੁਲਦੀਪ ਸਿੰਘ ਦੀਪ
ਪਿੰਡ ਰੋਝਾਂਵਾਲੀ, ਤਹਿ. ਰਤੀਆ, ਜ਼ਿਲ੍ਹਾ ਫਤਿਆਬਾਦ
(ਹਰਿਆਣਾ)
You can meet me at :

drkuldeepsinghdeep99@gmail.com
www.drdeepworld.blogspot.com
www.deeprangmanch.blogspot.com
www.deep-kavishari.blogspot.com
01697272346 9855255956