ਭੁੱਖੇ ਮਰਦੇ ਚੋਰ ਨੇ ਇਕ ਦਿਨ
ਮਨ ਆਪਣੇ ਨਾਲ ਕਰੀ ਸਲਾਹ
ਇਕ ਅਮੀਰ ਦੇ ਘਰ ਦੀ ਕੁੱਤੀ
ਜਾ ਕੇ ਲਈ ਉਸ ਭੈਣ ਬਣਾ
ਕਹਿੰਦਾ ਭੈਣੇ ਮੈਂ ਡਿੱਠਾ ਹੈ
ਬੜੀ ਹੈ ਸਖਤ ਡਿਉਟੀ ਤੇਰੀ
ਡਰ ਹੈ ਮੈਨੂੰ ਰੁਲ ਨਾ ਜਾਵੇ
ਰਾਤਾਂ ਜਾਗ ਬਿਉਟੀ ਤੇਰੀ
ਬਾਹਰ ਨਿਕਲ ਕੇ ਦੇਖ ਤੂੰ ਮੌਜਾਂ
ਕਿਵੇਂ ਸ਼ਹਿਰ ਦੇ ਕੁੱਤੇ ਕਰਦੇ
ਕਾਰਾਂ ਦੇ ਵਿਚ ਲੈਂਦੇ ਝੂਟੇ
ਜਾਂ ਸੋਫੇ ਤੇ ਰਹਿੰਦੇ ਸੁੱਤੇ
ਉਹ ਦੁੱਧ,ਮੀਟ ਤੇ ਆਂਡੇ ਖਾਵਣ
ਮਿਲਣ ਤੈਨੂੰ ਪ੍ਰਸ਼ਾਦੇ ਸੁੱਕੇ
ਮੇਰਾ ਸਾਥ ਜੇ ਦੇਵੇਂ ਭੈਣੇ
ਜੂਨ ਤੇਰੀ ਬਦਲਾ ਸਕਦਾ ਹਾਂ
ਉਹਨਾਂ ਕੁੱਤਿਆਂ ਨਾਲੋਂ ਵਧ ਕੇ
ਐਸ਼ ਤੈਨੂੰ ਕਰਵਾ ਸਕਦਾ ਹਾਂ
ਚੋਰ ਤੇ ਰੱਬ ਦੀ ਰਹਿਮਤ ਹੋ ਗਈ
ਝੱਟਪਟ ਕੁੱਤੀ ਸਹਿਮਤ ਹੋ ਗਈ
ਅਗਲੀ ਰਾਤ ਜਦ ਵੱਜੇ ਬਾਰਾਂ
ਕੰਧ ਤੇ ਲੱਗੀਆਂ ਕੱਟ ਕੇ ਤਾਰਾਂ
ਚਤੁਰ ਚੋਰ ਉਸ ਘਰ ਵਿਚ ਆਇਆ
ਬਿਸਕੁਟ,ਕੇਕ,ਤੰਦੂਰੀ ਮੁਰਗਾ
ਪਾ ਝੋਲੇ ਵਿਚ ਨਾਲ ਲਿਆਇਆ
ਵੇਖ ਕੁੱਤੀ ਨੇ ਪੂਛ ਹਿਲਾਈ
ਨਾ ਭੌਂਕੀ ਨਾ ਰੌਲਾ ਪਾਇਆ
ਬੇਫਿਕਰ ਹੋ ਚੋਰ ਨੇ ਘਰ ਚੋਂ
ਗਹਿਣਾ ਗੱਟਾ ਸਭ ਖਿਸਕਾਇਆ
ਉਠ ਕੇ ਵੇਖਿਆ ਜਦੋਂ ਸਵੇਰੇ
ਸਾਹ ਮਾਲਕ ਦੇ ਤਾਂਹ ਨੂੰ ਚੜ੍ਹ ਗਏ
ਕੌਣ ਦੱਸੇ ਸਿਧਰੇ ਨੂੰ ਜਾ ਕੇ
ਇਹ ਤਾਂ ਚੋਰ ਤੇ ਕੁੱਤੀ ਰਲ ਗਏ
ਅੱਜ ਕੱਲ ਸਾਰੇ ਚੋਰ ਸਿਆਣੇ
ਇਹੋ ਢੰਗ ਅਪਣਾ ਰਹੇ ਨੇ
ਚੋਰ ਤੇ ਕੁੱਤੀ ਦੋਵੇਂ ਰਲ ਕੇ
ਥਾਂ ਥਾਂ ਲੁੱਟ ਮਚਾ ਰਹੇ ਨੇ
ਸੋਨੇ ਦੀ ਚਿੜੀਆ ਸੀ ਭਾਰਤ
ਹੁਣ ਆਮ ਚਿੜੀ ਵੀ ਨਜ਼ਰ ਨਾ ਅਵੇ
ਕੀ ਬਣੇਗਾ ਵਤਨ ਮੇਰੇ ਦਾ
ਵਾੜ ਜਿਥੇ ਖੇਤਾਂ ਨੂੰ ਖਾਵੇ
(ਪਰਮਜੀਤ ਸਿੰਘ ਵਿਰਕ)
really awesome irony
ReplyDelete