Saturday, October 3, 2015

ਤੇਜ ਹਵਾਵਾਂ
ਘੋਰ ਘਟਾਵਾਂ
ਸਰਦ ਖਿਜ਼ਾਵਾਂ
ਜ਼ਰਦ ਫਿਜ਼ਾਵਾਂ ਵਿਚ...
ਕਦ ਉੱਗੀਆਂ ਸੀ
ਕਦ ਬੁੱਢੀਆਂ ਸੀ
ਕਦ ਸੁੱਕੀਆਂ ਸੀ
ਕਦ ਟੁੱਟੀਆਂ ਸੀ
ਅਸੀ ਗੁੱਡੀਆਂ ਸੀ
ਕਦ ਪੁੱਗੀਆਂ ਸੀ
ਕਦ ਉੱਚ ਅਸਮਾਨੀਂ
ਉੱਡੀਆਂ ਸੀ
ਕਦ ਡਿੱਗੀਆਂ ਸੀ
ਕਦ ਮਿੱਧੀਆਂ ਸੀ
ਅਸੀਂ ਪੱਤੀਆਂ ਸੀ
ਚੁੱਕ ਚੁੱਲ੍ਹਿਆਂ ਮੂਹਰੇ
ਰੱਖੀਆਂ ਸੀ
ਫਿਰ ਤਿੜ ਤਿੜ ਕਰਕੇ
ਮੱਚੀਆਂ ਸੀ
ਤੂੰ ਜ਼ਿੰਦੇ ਨੀ
ਸਾਨੂੰ ਮਾਰਿਆ
ਬਿੰਦੇ ਬਿੰਦੇ ਨੀ..... ਦੀਪ ਦੁਨੀਆਂ

ਜੇ ਤੂੰ ਅਕਲ ਲਤੀਫ ਹੈਂ...

ਜੇ ਤੂੰ ਅਕਲ ਲਤੀਫ ਹੈਂ...
ਬਾਬਾ ਫਰੀਦ ਪੰਜਾਬੀ ਸਾਹਿਤ-ਸਭਿਆਚਾਰ ਦਾ ਉਹ ਦਾਰਸ਼ਨਿਕ ਹੈ ਜਿਸ ਨੇ ਅੱਜ ਤੋਂ ਲਗਭਗ ਸਾਢੇ 850 ਸਾਲ ਪਹਿਲਾਂ ਉਸ ਲਮੇਂ ਦੀ ਲੋਕ ਬੋਲੀ ਨੂੰ ਆਪਣਾ ਕੇ ਆਪਣਾ ਲੋਕ ਪੱਖੀ ਸੰਦੇਸ਼ ਲੋਕਾਂ ਨੂੰ ਦਿੱਤਾ ਜਦ ਸੰਸਕ੍ਰਿਤ ਆਪਣੀ ਸਲਤਨਤ ਦੀ ਰਹਿੰਦ ਖੂੰਹਦ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੀ ਸੀ ਅਤੇ ਕਈ ਹੋਰ ਬੋਲੀਆਂ ਉਸ ਦੀ ਜਗ੍ਹਾ ਲੈਣ ਲਈ ਮੈਦਾਨ ਵਿਚ ਆ ਚੁੱਕੀਆਂ ਸਨ। ਅਜਿਹੇ ਦੌਰ ਵਿਚ ਪੰਜਾਬੀ ਨੂੰ ਆਪਣੇ ਪ੍ਰਵਚਨ ਦਾ ਮਾਧਿਅਮ ਬਣਾਉਣਾ ਹੀ ਉਸ ਨੂੰ ਸੱਚੇ ਅਰਥਾਂ ਵਿਚ ਲੋਕਾਂ ਦਾ ਪ੍ਰਵਕਤਾ ਬਣਾਉਂਦਾ ਹੈ ਅਤੇ ਸਮਾਂ ਪਾ ਕੇ ਉਹ ਪੰਜਾਬੀ ਬੋਲੀ ਦੇ ਪਿਤਾਮਾ ਦੇ ਤੌਰ ਤੇ ਸੁਸ਼ੋਭਤ ਹੁੰਦੇ ਹਨ। ਉਹਨਾਂ ਦੀ ਦਾਰਸ਼ਨਿਕਤਾ ਦੇ ਅਨੇਕ ਸਰੋਕਾਰ ਹਨ, ਜਿੰਨ੍ਹਾਂ ਵਿਚ ਇਕ ਇਸ ਸ਼ਲੋਕ ਰਾਹੀ ਸਾਮ੍ਹਣੇ ਆਉਂਦਾ ਹੈ:
ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ
ਆਪਨੜੇ ਗਿਰੀਬਾਨ ਮੇਂ ਸਿਰ ਨੀਵਾਂ ਕਰ ਦੇਖ
  ਇਹ ਸ਼ਲੋਕ ਅਪਣੇ ਆਪ ਅੰਦਰ ਅਰਥਾਂ ਦੀਆਂ ਏਨੀਆਂ ਪਰਤਾਂ ਸਮੋਈ ਬੈਠਾ ਹੈ ਕਿ ਸ਼ੇਖ ਫਰੀਦ ਦੀ ਵਿਦਵਤਾ, ਸਰਲਤਾ ਅਤੇ ਉਹਨਾਂ ਦੇ ਲੋਕ ਪੱਖੀ ਚਿੰਤਨ ਤੇ ਮਾਣ ਮਹਿਸੂਸ ਹੁੰਦਾ ਹੈ। ਇਸ ਸਿਰਲੇਖ ਵਿਚ ਸਭ ਤੋਂ ਪਹਿਲਾ ਪੱਖ ਸਵੈ ਪੜਚੋਲ ਦਾ ਹੈ। ਫਰੀਦ ਜੀ ਸਪਸ਼ਟ ਤੋਰ ਤੇ ਕਹਿੰਦੇ ਹਨ : ਆਪਨੜੇ ਗਿਰੀਬਾਨ ਮੇਂ ਸਿਰ ਨੀਵਾਂ ਕਰ ਦੇਖ.... ਜਦੋਂ ਉਹ ਮਨੁੱਖ ਨੂੰ ਆਪਣੇ ਕਾਲਰ ਅੰਦਰ ਝਾਕਣ ਦੀ ਤਾਕੀਦ ਕਰਦੇ ਹਨ ਤਾਂ ਉਹ ਲੋਕ ਧਾਰਾ ਦੇ ਉਸ ਮਰਮ ਤੱਕ ਸੁਭਾਵਕ ਤੌਰ ਤੇ ਪਹੁੰਚ ਜਾਂਦੇ ਹਨ..ਜਿਸ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਨਾਲ ਪ੍ਰਗਟਾਇਆ ਜਾਂਦਾ ਹੈ। ਮਸਲਾ ਸਿੱਧੇ ਤੋਰ ਤੇ ਇਸ ਗੱਲ ਨਾਲ ਵੀ ਜੁੜਿਆ ਹੈ ਕਿ ਉਪਦੇਸ਼ ਦੇਣ ਵਾਲਿਆਂ ਦੀ ਆਪਣੀ ਪ੍ਰੈਕਟਿਸ ਕੀ ਹੈ? ਇੱਥੇ ਹੀ ਕਥਨੀ ਕਰਨੀ ਦਾ ਮਸਲਾ ਆ ਕੇ ਵੀ ਨਾਲ ਜੁੜ ਜਾਂਦਾ ਹੈ। ਬਾਬਾ ਫਰੀਦ ਜਿਸ ਦੌਰ ਵਿਚ ਆਪਣਾ ਇਹ ਪ੍ਰਵਚਨ ਸਿਰਜ ਰਹੇ ਹਨ, ਉਹ ਦੌਰ ਸਚਮੁਚ ਉਹਨਾਂ ਲੋਕਾਂ ਦਾ ਦੌਰ ਸੀ ਜਿੰਨ੍ਹਾਂ ਨੇ ਆਪਣੀ ਦੁਕਾਨਦਾਰੀਆਂ ਖੋਲ੍ਹੀਆਂ ਹੋਈਆਂ ਸਨ। ਕਿਸੇ ਨੇ ਜੋਗੀ ਜੰਗਮ ਦੇ ਰੂਪ ਵਿਚ, ਕਿਸੇ ਨੇ ਹਿੰਦੂ ਪੰਡਿਤ ਦੇ ਰੂਪ ਵਿਚ ਅਤੇ ਕਿਸੇ ਨੇ ਮੁੱਲਾ ਮੌਲਾਣਾ ਦੇ ਰੂਪ ਵਿਚ। ਹਰ ਪੰਥ/ਸੰਪਰਦਾਇ ਵੱਲੋਂ ਵਿਦਵਾਨੀ ਘੋਟਣ ਦੇ ਪ੍ਰਸੰਗ ਵਿਚ ਬਾਬਾ ਫਰੀਦ ਦਾ ਇਹ ਕਹਿਣਾ..ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ..ਉਸ ਸਮੁੱਚੀ ਅਖੌਤੀ ਵਿਦਵਾਨੀ ਅਤੇ ਉਪਦੇਸ਼ ਪਰੰਪਰਾ ਦੇ ਖਿਲਾਫ ਬਗਾਵਤ ਹੈ ਜਿਸ ਨੂੰ ਬਾਅਦ ਵਿਚ ਗੁਰੂਨਾਨਕ ਦੇਵ ਜੀ ਨੇ ਵੀ ਇੰਝ ਪ੍ਰਗਟਾਇਆ ਹੈ:
                   ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।
                   ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।।
                       ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।।
                      ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ।।
                      ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ੧।।

ਤੇ ਬਾਅਦ ਵਿਚ ਬਾਬਾ ਫਰੀਦ ਦੀ ਵਰੋਸਾਈ ਪਰੰਪਰਾ ਵਿਚ ਬਾਬਾ ਬੁੱਲ੍ਹੇ ਸ਼ਾਹ ਰਾਹੀਂ ਇਹ ਕਿਹਾ ਜਾਣ ਲੱਗ ਪਿਆ
               ਪੋਥੀ ਪੜ੍ਹ ਪੜ੍ਹ ਜਗ ਮੁਆ,ਪੰਡਿਤ ਹੂਆ ਨਾ ਕੋਇ
               ਢਾਈ ਅੱਖਰ ਪ੍ਰੇਮ ਦੇ ਪੜ੍ਹੇ ਸੋ ਪੰਡਿਤ ਹੋਇ...
ਅਤੇ ਸਵੈ ਪੜਚੋਲ ਦੀ ਇਹ ਪਰੰਪਰਾ ਬਾਬਾ ਫਰੀਦ ਤੋਂ ਚਲ ਕੇ ਆਧੁਨਿਕ ਦੌਰ ਦੇ ਆਧੁਨਿਕ ਲੇਖਕ ਪ੍ਰੋ ਮੋਹਣ ਸਿੰਘ ਤੱਕ ਅਪੜਦੀ ਹੈ। ਉਹ ਵੀ ਇਹੀ ਕਹਿੰਦਾ ਹੈ :
ਪਰ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨੇਰ ਕੁੜੇ ।
ਕੁਝ ਅਜਬ ਇਲਮ ਇਲਮ ਦੀਆਂ ਜਿੱਦਾਂ ਨੇ,
ਮੈਨੂੰ ਮਾਰਿਆ ਕਿਉਂ, ਕੀ, ਕਿੱਦਾਂ ਨੇ ।
ਮੈਂ ਨਿਸਚੇ ਬਾਝੋਂ ਭਟਕ ਰਿਹਾ,
ਜੰਨਤ ਦੋਜ਼ਖ ਵਿਚ ਲਟਕ ਰਿਹਾ ।
ਗੱਲ ਸੁਣ ਜਾ ਭਟਕੇ ਰਾਹੀ ਦੀ ।
ਇਕ ਚਿਣਗ ਮੈਨੂੰ ਵੀ ਚਾਹੀਦੀ ।

ਇਉਂ ਬਾਬਾ ਫਰੀਦ ਉਸ ਸਵੈ ਪੜਚੋਲ ਦੀ ਰਵਾਇਤ ਦਾ ਵਾਹਕ ਹੈ ਜਿਸ ਨੇ ਪੰਜਾਬ ਨੂੰ ਇਕ ਨਵੀਂ ਦਿਸ਼ਾ ਦਿੱਤੀ। ਇਸ ਸ਼ਲੋਕ ਵਿਚ ਦੂਜਾ ਸੰਦੇਸ਼ ਇਹ ਵੀ ਲੁਕਿਆ ਹੈ ਕਿ ਤੁਹਾਡੀ ਕਥਨੀ ਅਤੇ ਕਰਨੀ ਵਿਚ ਇਕਸਾਰਤਾ ਹੋਣੀ ਚਾਹੀਦੀ ਹੈ। ਬਾਬਾ ਫਰੀਦ ਤੋਂ ਲੈ ਕੇ ਅੱਜ ਤੱਕ ਇਸ ਗੱਲ ਦੀ ਤਾਰੀਖ ਗਵਾਹ ਹੈ ਕਿ ਦੂਜਿਆਂ ਨੂੰ ਆਦੇਸ਼/ਉਪਦੇਸ਼ ਦੇਣ ਵਾਲੇ ਲੋਕਾਂ ਦਾ ਖੁਦ ਦਾ ਅਮਲ ਜਾਂ ਤਾਂ ਹੁੰਦਾ ਹੀ ਨਹੀਂ ਅਤੇ ਜਾਂ ਫਿਰ ਇਸ ਦੇ ਵਿਰੋਧ ਵਿਚ ਹੁੰਦਾ ਹੈ। ‘ਕਾਲੇ ਲਿਖ ਨਾ ਲੇਖ’ਦੇ ਰੂਪ ਵਿਚ ਬਹੁਤ ਤਿੱਖੇ ਸ਼ਬਦਾਂ ਵਿਚ ਉਹਨਾਂ ਲੋਕਾਂ ਨੂੰ ਫਿਟਕਾਰ ਪਾਈ ਹੈ ਜੋ ਸਿਰਫ ਸ਼ਬਦਾਂ ਦਾ, ਵਿਦਵਤਾ ਦਾ, ਆਪਣੀ ਲਿਆਕਤ ਦਾ ਵਪਾਰ ਕਰਦੇ ਹਨ ਜਦ ਕਿ ਉਹਨਾਂ ਦਾ ਆਪਣਾ ਕਿਰਦਾਰ, ਰਫਤਾਰ ਅਤੇ ਗੁਫਤਾਰ ਅਜਿਹੀ ਨਹੀਂ ਹੁੰਦੀ।
ਪੜ੍ਹ-ਪੜ੍ਹ ਆਲਮ ਫ਼ਾਜ਼ਲ ਬਣਿਓਂ,
ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ।
ਭਜ-ਭਜ ਵੜਦਾ ਏਂ ਮੰਦਰ ਮਸੀਤੀਂ,
ਕਦੀਂ ਆਪਣੇਂ ਅੰਦਰ ਤੂੰ ਵੜਿਆ ਹੀ ਨਹੀਂ ।
ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਏਂ,
ਕਦੀ ਨਫ੍ਜ਼ ਆਪਣੀ ਨਾਲ ਲੜਿਆ ਹੀ ਨਹੀਂ ।
ਬੁੱਲੇ ਸ਼ਾਹ ਅਸਮਾਨੀ ਉੱਡਦੀਆ ਫੜਦਾ ਏਂ,
ਜੇਹੜਾ ਘਰ ਬੈਠਾ ਓਹਨੂ ਫੜਿਆ ਹੀ ਨਹੀਂ ।
ਭਾਵੇਂ ਸ਼ੇਖ ਫਰੀਦ ਦੀ ਰਚਨਾ ਦੀ ਮੁੱਖ ਸੁਰ ਅਧਿਆਤਮਵਾਦੀ ਹੈ, ਪਰੰਤੂ ਇਸ ਸ਼ਲੋਕ ਵਿਚ ਉਹ ਸਮਾਜਿਕਤਾ ਦੇ ਸ਼ਿਖਰ ਤੇ ਹੈ।  ਅਧਿਆਤਮਕ ਨਜ਼ਰੀਏ ਤੋਂ ਉਸਦੀ ਅਜਿਹੀ ਸਿਰਜਣਾ ਦਾ ਮਨੋਰਥ ਵਿਦਵਾਨੀ ਅਤੇ ਉਦੇਸ਼ ਛੱਡ ਕੇ ਨਿਮਰਤਾ ਅਤੇ ਅਚਾਰ-ਵਿਹਾਰ ਦੀ ਸ਼ੁੱਧਤਾ ਤੇ ਜ਼ੋਰ ਦਿੱਤਾ ਹੈ।  ਬਾਬਾ ਬੁੱਲ੍ਹੇ ਸ਼ਾਹ ਵੀ ਆਪਣੀ ਕਿਸਮ ਦੀ ਅਧਿਆਤਮਕ ਸ਼ਾਇਰੀ ਵਿਚ ਇਸੇ ਭਾਵ ਨੂੰ ਪ੍ਰਗਟਾਉਂਦਾ ਹੈ :
ਕਿਉਂ ਪੜ੍ਹਨਾ ਏਂ ਗੱਡ ਕਿਤਾਬਾਂ ਦੀ, ਸਿਰ ਚਾਨਾ ਏਂ ਪੰਡ ਅਜ਼ਾਬਾਂ ਦੀ,
ਹੁਣ ਹੋਇਉਂ ਸ਼ਕਲ ਜੱਲਾਦਾਂ ਦੀ, ਅੱਗੇ ਪੈਂਡਾ ਮੁਸ਼ਕਲ ਭਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।
ਬਣ ਹਾਫ਼ਜ ਹਿਫ਼ਜ ਕੁਰਾਨ ਕਰੇਂ, ਪੜ੍ਹ ਪੜ੍ਹ ਕੇ ਸਾਫ਼ ਜ਼ਬਾਨ ਕਰੇਂ,
ਫਿਰ ਨਿਆਮਤ ਵਿਚ ਧਿਆਨ ਕਰੇਂ, ਮਨ ਫਿਰਦਾ ਜਿਉਂ ਹਲਕਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।
ਇਉਂ ਬਾਬਾ ਫਰੀਦ ਨੇ ਇਸ ਸ਼ਲੋਕ ਰਾਹੀ ਅਤੇ ਆਪਣੀ ਸਮੁੱਚੀ ਰਚਨਾ ਰਾਹੀਂ ਸਵੈ ਪੜਚੋਲ, ਕਥਨੀ ਅਤੇ ਕਰਨੀ ਵਿਚ ਇਕਸਾਰਤਾ, ਆਪਣੇ ਅੰਦਰ ਵੱਲ ਮੁੜਨ ਦੀ ਪ੍ਰਕਿਰਿਆ ਨੂੰ ਸਾਮ੍ਹਣੇ ਲਿਆਉਂਦੇ ਹਨ। ਆਓ ਇਕ ਵਾਰ ਇਸ ਸ਼ਲੋਕ ਨੂੰ ਸਮਝੀਏ ਤੇ ਸਮਝਾਈਏ.....


ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ
                                 ਆਪਨੜੇ ਗਿਰੀਬਾਨ ਮੇਂ ਸਿਰ ਨੀਵਾਂ ਕਰ ਦੇਖ
 

                                                                                          ਡਾ. ਕੁਲਦੀਪ ਸਿੰਘ ਦੀਪ