ਦਮ ਤੋੜਦੀਆਂ ਹਸਰਤਾਂ ਦੀ ਜਾਨ ਬਣਕੇ ਆ।
ਸੁੰਨੀਆਂ ਇਹ ਮਹਿਫਲਾਂ ਮਹਿਮਾਨ ਬਣਕੇ ਆ।
ਤਿੜਕ ਰਹੀਆਂ ਸੱਧਰਾਂ ਰੁਲ ਰਹੀ ਹੈ ਆਬਰੂ
ਦਿਲ ਨੂੰ ਢਾਰਸ ਦੇਣ ਲਈ ਸਨਮਾਨ ਬਣਕੇ ਆ।
ਖੁਦਗਰਜ਼ੀ ਦਾ ਦੌਰ ਰਿਸ਼ਤੇ ਗਵਾਚ ਜਾਣਗੇ
ਸਾਝਾਂ ਦੇ ਤਾਣੇ ਜੋ ਬੁਣੇ ਇਨਸਾਨ ਬਣਕੇ ਆ ।
ਅਨਹੋਣੀ ਕੋਈ ਆਰਜ਼ੂ ਅੱਖਾਂ ਦੇ ਵਿਚ ਤੈਰਦੀ
ਵਜ਼ੂਦ ਜੋ ਤਲਾਸ਼ਦਾ ਉਹ ਹਾਣ ਬਣਕੇ ਆ ।
ਗਰੀਬ ਜਿਹੀ ਰੁੱਤ ਹੈ ਸੁਪਨੇ ਬੇਰੰਗ ਹੋ ਗਏ
ਕਰਜ਼ੇ ਮਾਰੀ ਆਤਮਾ ਧਨਵਾਨ ਬਣਕੇ ਆ ।
ਧਰਤੀ ਦਾ ਵਾਰਿਸ ਦੇਖਲਾ ਹੋਰ ਕੋਈ ਹੋ ਗਿਆ
ਇਸ ਦਾ ਸੀਨਾ ਠਾਰੀਏ ਕਿਰਸਾਨ ਬਣਕੇ ਆ ।
(ਬਲਜੀਤ ਪਾਲ ਸਿੰਘ)